Gurakhar Spelling Theory

ਗੁਰਅੱਖਰ ਸ਼ਬਦ-ਜੋੜ ਸਿਧਾਂਤ

ਗੁਰਅੱਖਰਪੰਜਾਬੀ ਸ਼ਬਦ-ਜੋੜ ਚੈੱਕ ਸਾਈਟ 'ਆਫ -ਸਟੇਜ ਕ੍ਰਿਏਸ਼ਨ ਕੰਪਨੀ' ਦਾ ਇਕ ਕਮਿਊਨਿਟੀ-ਪ੍ਰੋਜੈਕਟ ਹੈ, ਜਿਹੜਾ 'ਆਫ -ਸਟੇਜ ਗਰੁੱਪ' ਆਪਣੇ ਸਾਧਨਾਂ ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਦੇ ਮਨੋਰਥ ਨਾਲ ਚਲਾ ਰਿਹਾ ਹੈ। ਇਸ ਪ੍ਰੋਜੈਕਟ ਨਾਲ ਜੁੜੇ ਲੋਕ ਭਾਵੇਂ ਪੰਜਾਬੀ ਭਾਸ਼ਾਈ ਮਾਮਲਿਆਂ ਦੇ ਮਾਹਰ ਨਹੀਂ ਪਰ ਚਿਰਾਂ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਐਨ-ਅਧਿਆਪਨ ਨਾਲ ਜੁੜੇ ਹੋਏ ਹਨ। ਇਸ ਕਰਕੇ ਪੰਜਾਬੀ ਸ਼ਬਦ-ਜੋੜਾਂ ਬਾਰੇ ਉਨ੍ਹਾਂ ਦੀ ਅਨੁਭਵ ਅਧਾਰਿਤ ਇਕ ਨਿੱਜੀ ਦ੍ਰਿਸ਼ਟੀ ਹੈ। ਹੋ ਸਕਦਾ ਹੈ, ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦੀ ਪੰਜਾਬੀ ਸ਼ਬਦ-ਜੋੜਾਂ ਬਾਰੇ ਵੱਖਰੀ ਰਾਏ ਹੋਵੇ ਅਤੇ ਉਹ ਠੀਕ ਵੀ ਹੋਣ। ਇਸ ਲਈ ਭਾਵੇਂ ਇਹ ਸ਼ਬਦ-ਜੋੜ ਚੈੱਕ ਪ੍ਰੋਗਰਾਮ ਤਿਆਰ ਕਰਦਿਆਂ ਭਾਵੇਂ 'ਗੁਰਅੱਖਰ' ਟੀਮ ਨੇ ਕੁਝ ਨਿਸ਼ਚਿਤ ਨੇਮਾਂ ਨੂੰ ਅਪਣਾਇਆ ਹੈ ਅਤੇ ਆਪਣੇ ਅਨੁਭਵ ਵਿਚੋਂ ਉੱਤਮ ਪੰਜਾਬੀ ਸ਼ਬਦ-ਜੋੜ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤੇ ਹਨ ਪਰ ਫਿਰ ਵੀ ਟੀਮ ਇਨ੍ਹਾਂ ਸ਼ਬਦ-ਜੋੜਾਂ ਦੇ ਅੰਤਿਮ ਹੋਣ ਦਾ ਦਾਅਵਾ ਨਹੀਂ ਕਰਦੀ।

1.       ਸ਼ਬਦਾਂ ਦੀ ਚੋਣ : ਇਸ ਪ੍ਰੋਗਰਾਮ ਲਈ ਪੰਜਾਬੀ ਸ਼ਬਦਾਂ ਦੀ ਚੋਣ ਕਰਦਿਆਂ ਇਸ ਗੱਲ ਨੂੰ ਅਧਾਰ ਬਣਾਇਆ ਗਿਆ ਹੈ ਕਿ ਸ਼ਬਦ ਵਰਤੋਂ ਵਿਚ ਹੋਣ। ਬਹੁਤੇ ਸ਼ਬਦ ਜਿਹੜੇ ਹੁਣ ਘੱਟ ਹੀ ਪੜ੍ਹਨ ਜਾਂ ਸੁਣਨ ਨੂੰ ਮਿਲਦੇ ਹਨ, ਨੂੰ ਹਾਲ ਦੀ ਘੜੀ ਰਿਜਰਵ ਰੱਖਿਆ ਗਿਆ ਹੈ ਅਤੇ ਵਰਤੋਂ ਦੇ ਅਧਾਰ ਉੱਤੇ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤੇ ਜਾਣ ਦੀ ਸਕੀਮ ਹੈ।

·         ਅਜਿਹੇ ਸ਼ਬਦ ਜਿਹੜੇ ਨਵੀਆਂ ਵਿਗਿਆਨਕ ਅਤੇ ਤਕਨੀਕੀ ਤਬਦੀਲੀਆਂ ਕਰਕੇ ਆਮ ਪੰਜਾਬੀ ਬੋਲਚਾਲ ਵਿਚ ਸ਼ਾਮਿਲ ਹੋ ਰਹੇ ਹਨ, ਉਨ੍ਹਾਂ ਨੂੰ ਵੀ ਗੁਰਅੱਖਰਵਿਚ ਥਾਂ ਦਿੱਤੀ ਗਈ ਹੈ। ਪਹਿਲਾਂ ਤੋਂ ਪ੍ਰਕਾਸ਼ਿਤ ਹੋ ਚੁੱਕੀਆਂ ਵਿਆਕਰਨ ਪੁਸਤਕਾਂ, ਅਖਬਾਰ, ਮੈਗਜੀਨ ਅਤੇ ਇੰਟਰਨੈੱਟ ਉੱਤੇ ਉਪਲੱਭਧ ਪੰਜਾਬੀ ਆਰਟੀਕਲ ਇਨ੍ਹਾਂ ਸ਼ਬਦਾਂ ਦੇ ਸੰਗ੍ਰਹਿ ਦਾ ਵੱਡਾ ਸਾਧਨ ਬਣੇ ਹਨ।

·         ਉਰਦੂ ਅਤੇ ਸੰਸਕ੍ਰਿਤ/ਹਿੰਦੀ ਮੂਲ ਦੇ ਬਹੁਤੇ ਸ਼ਬਦ ਜਿਹੜੇ ਹੁਣ ਆਮ ਪੰਜਾਬੀ ਵਿਚ ਨਹੀਂ ਵਰਤੇ ਜਾਂਦੇ ਵੀ ਗੁਰਅੱਖਰਦੇ ਪਹਿਲੇ ਸੰਸਕਰਨ ਵਿਚ ਸ਼ਾਮਿਲ ਨਹੀਂ ਕੀਤੇ ਗਏ।

·         ਅੰਗਰੇਜੀ ਮੂਲ ਦੇ ਜਿਹੜੇ ਸ਼ਬਦ ਹੁਣ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੇ ਨਿੱਤ-ਜੀਵਨ ਦਾ ਹਿੱਸਾ ਹਨ, ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤਾ ਗਿਆ ਹੈ।

·         ਦੇਸ਼ਾਂ, ਰਾਜਧਾਨੀਆਂ ਅਤੇ ਭਾਰਤ ਦੀਆਂ ਸਟੇਟਾਂ ਤੋਂ ਇਲਾਵਾ ਪੰਜਾਬ, ਸੰਸਾਰ ਦੇ ਉਨ੍ਹਾਂ ਚੋਣਵੇਂ ਪਿੰਡਾਂ/ਸ਼ਹਿਰਾਂ ਦੇ ਨਾਵਾਂ ਨੂੰ ਵੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤਾ ਗਿਆ ਹੈ, ਜਿੱਥੇ ਪੰਜਾਬੀ ਵੱਸਦੇ ਹਨ।

·         ਦੇਸ਼-ਵਿਦੇਸ਼ਾਂ ਦੇ ਚੋਣਵੇਂ ਪ੍ਰਸਿੱਧ ਵਿਅਕਤੀਆਂ ਦੇ ਨਾਂ ਉਨ੍ਹਾਂ ਦੇ ਆਮ-ਪ੍ਰਚਲਿਤ ਸ਼ਬਦ-ਜੋੜਾਂ ਨਾਲ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਬਹੁਤ ਜਿਆਦਾ ਪ੍ਰਚਲਿਤ ਪੰਜਾਬੀ ਨਾਂਵ ਵੀ ਸ਼ਾਮਿਲ ਹਨ

ਸ਼ਬਦਾਂ ਦੀ ਚੋਣ ਦੇ ਸਬੰਧ ਵਿਚ ਗੁਰਅੱਖਰਟੀਮ ਦੀ ਨੀਤੀ ਇਹ ਹੈ ਕਿ ਅਸੀਂ ਲਗਾਤਾਰ ਇਸ ਵਿਚ ਸ਼ਬਦ ਸ਼ਾਮਿਲ ਕਰਦੇ ਜਾਵਾਂਗੇ। ਗੁਰਅੱਖਰਦੇ ਪਹਿਲੇ ਸੰਸਕਰਨ ਵਿਚ ਸਵਾ ਲੱਖ ਦੇ ਕਰੀਬ ਪੰਜਾਬੀ ਸ਼ਬਦ ਸ਼ਾਮਿਲ ਹਨ ਅਤੇ ਆਉਂਦੇ ਵਰ੍ਹੇ 10 ਹਜ਼ਾਰ ਹੋਰ ਨਿੱਤ-ਵਰਤੀਂਦੇ ਸ਼ਬਦ ਜੋੜਨ ਦਾ ਟੀਚਾ ਹੈ।

2.       ਸ਼ਬਦ-ਜੋੜ ਲਈ ਬੁਨਿਆਦੀ ਧਾਰਨਾ : ਪੰਜਾਬੀ ਸ਼ਬਦਾਂ ਦੇ ਸ਼ਬਦ-ਜੋੜਾਂ ਦੀ ਚੋਣ ਕਰਦਿਆਂ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਿਆ ਗਿਆ:

·         ਆਮ ਬੋਲਚਾਲ ਵਿਚ ਉਨ੍ਹਾਂ ਦਾ ਉਚਾਰਨ : ਉਨ੍ਹਾਂ ਸ਼ਬਦਾਂ ਦਾ ਵਰਤਮਾਨ ਉਚਾਰਨ ਕੀ ਹੈ। ਡਾ. ਹਰਕੀਰਤ ਸਿੰਘ ਅਤੇ ਸਾਥੀਆਂ ਦਵਾਰਾ ਤਿਆਰ ਪੰਜਾਬੀ ਯੂਨੀਵਰਸਿਟੀ ਦੇ ਸ਼ਬਦ-ਜੋੜ ਕੋਸ਼ ਵਿਚ ਇਸ ਸਿਲਸਿਲੇ ਵਿਚ ਮਹਾਨ ਕੰਮ ਹੋਇਆ ਹੈ, ਜਿਸਨੇ ਇਸ ਪ੍ਰੋਗਰਾਮ ਵਿਚ ਵੀ ਸਾਡੀ ਅਗਵਾਈ ਕੀਤੀ। ਪਰ ਅਨੇਕ ਸ਼ਬਦਾਂ ਦੇ ਮਾਮਲੇ ਵਿਚ ਸਾਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਸ਼ਬਦਾਂ ਦੇ ਉਚਾਰਨ ਵਿਚ ਉਨ੍ਹਾਂ ਦੇ ਪੇਂਡੂ ਉਚਾਰਨ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ, ਜੋ ਲਿਖਣ ਲੱਗਿਆਂ ਨਾ ਸਿਰਫ ਅਟਪਟਾ ਲਗਦਾ ਹੈ, ਸਗੋਂ ਆਪਣੇ ਅਸਲੀ ਅਰਥਾਂ ਨੂੰ ਵੀ ਪਿੱਛੇ ਛੱਡ ਜਾਂਦਾ ਹੈ। ਇਸ ਲਈ ਸ਼ਬਦਾਂ ਦੇ ਵਿਹਾਰਕ ਉਚਾਰਨ ਦੇ ਨਾਲ-ਨਾਲ ਉਸਦੇ ਯੋਗ ਉਚਾਰਨ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ

·         ਸਥਾਪਿਤ ਅਤੇ 'ਪ੍ਰਚਲਿਤ' ਬਿੰਬ : ਕਈ ਸ਼ਬਦ-ਜੋੜਾਂ ਦੇ ਮਾਮਲੇ ਵਿਚ ਵਿਆਕਰਨ ਨੇਮਾਂ ਦੇ ਨਾਲ-ਨਾਲ ਇਸਦੇ ਪੰਜਾਬੀ ਮਾਨਸਿਕਤਾ ਵਿਚ ਸਥਾਪਿਤ ਬਿੰਬ ਨੂੰ ਵੀ ਧਿਆਨ ਅਧਾਰ ਬਣਾਇਆ ਗਿਆ। ਉਦਾਹਰਨ ਵਜੋਂ ਸ਼ਬਦ ਧਾਰਮਿਕਜਾਂ ਗ਼ਜ਼ਲ’, ਜਦੋਂ ਕਿ ਗੁਰਅੱਖਰਪੈਰ ਬਿੰਦੀ ਵਾਲੀਆਂ ਧੁਨੀਆਂ ਨੂੰ ਵਰਤਣ ਦੇ ਹੱਕ ਵਿਚ ਨਹੀਂ। ਸੋ ਅਜਿਹੇ ਸ਼ਬਦਾਂ ਦੇ ਦੋਹਾਂ ਰੂਪਾਂ ਨੂੰ 'ਚੋਣ' ਵਜੋਂ ਸ਼ਾਮਿਲ ਕਰ ਲਿਆ ਗਿਆ ਹੈ ਵਰਤੋਂਕਾਰ ਐਡਵਾਂਸ ਮੋਡਵਿਚ ਜਾ ਕੇ ਇਹ ਸ਼ਬਦ ਵੇਖ ਸਕਦੇ ਹਨ।

·         ਅਰਥ ਅਤੇ ਰੂਟ : ਸ਼ਬਦ ਕਿਸ ਰੂਟ ਤੋਂ ਆਏ ਅਤੇ ਉਨ੍ਹਾਂ ਦਾ ਅਰਥ ਕੀ ਹੈ; ਸ਼ਬਦਾਂ ਦੇ ਵਰਤਮਾਨ ਜੋੜਾਂ ਨੂੰ ਨਿਰਧਾਰਿਤ ਕਰਦਿਆਂ ਇਹ ਵੀ ਵਿਚਾਰਿਆ ਗਿਆ। ਉਦਾਹਰਨ ਵਜੋਂ ਅੱਜ ਵੱਡੇ ਪੱਧਰ ਉੱਤੇ ਅਨੇਕ ਸ਼ਬਦ, ਜਿਨ੍ਹਾਂ ਦੇ ਪੈਰ ਵਿਚ ਰਾਰਾਪਾ ਕੇ ਲਿਖਿਆ ਜਾ ਰਿਹਾ ਹੈ, ਨੂੰ ਪੂਰਾ ਰਾਰਾਪਾ ਕੇ ਲਿਖਣ ਦੀ ਵਕਾਲਤ ਕੀਤੀ ਜਾ ਰਹੀ ਹੈ। ਪਰ ਪ੍ਰਅਤੇ ਪ੍ਰਤੀਅਗੇਤਰ ਨਾਲ ਬਣਦੇ ਅਨੇਕ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਅਰਥ ਪੈਰ ਰਾਰੇ ਨਾਲ ਹੀ ਉਜਾਗਰ ਹੁੰਦੇ ਹਨ। ਸੋ ਹਾਲ ਦੀ ਘੜੀ ਅਜਿਹੇ ਸ਼ਬਦਾਂ ਦੇ ਨਵੇਂ ਰੂਪ ਨੂੰ ਸੁਜੈਸ਼ਨਾਂ ਦੇ ਰੂਪ ਵਿਚ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤਾ ਗਿਆ ਹੈ।

·         ਬਾਹਰੀ ਭਾਸ਼ਾਵਾਂ ਦੇ ਸ਼ਬਦ : ਪੰਜਾਬੀ ਵਿਚ ਵਿਦੇਸ਼ੀ ਭਾਸ਼ਾ-ਮੂਲ ਦੇ ਸ਼ਬਦਾਂ ਦੀ ਵੱਡੀ ਗਿਣਤੀ ਹੈ। ਜਿਹੜੇ ਸ਼ਬਦ ਸਾਹਿਤਕ ਅਤੇ ਵਿਦਿਅਕ ਵਰਤੋਂ ਤੋਂ ਅਗਾਂਹ ਲੰਘ ਕੇ ਲੋਕਾਂ ਦੇ ਨਿੱਤ-ਜੀਵਨ ਤੱਕ ਪਹੁੰਚ ਚੁੱਕੇ ਹਨ, ਉਨ੍ਹਾਂ ਨੂੰ ਤਦਭਵ ਅਤੇ ਨਵੇਂ ਆ ਰਹੇ ਸ਼ਬਦਾਂ ਨੂੰ ਹਾਲ ਦੀ ਘੜੀ ਤਤਸਮ ਰੂਪ ਵਿਚ ਇਸ ਪ੍ਰੋਗਰਾਮ ਵਿਚ ਸਥਾਨ ਦਿੱਤੀ ਗਈ ਹੈ।

3.       ਧੁਨੀਆਂ ਅਤੇ ਉਨ੍ਹਾਂ ਬਾਰੇ ਗੁਰਅੱਖਰਨਜਰੀਆ : ਗੁਰਅੱਖਰਟੀਮ ਨੇ ਪੰਜਾਬੀ ਦੀਆਂ ਪੈਂਤੀ ਅਧਾਰਕ ਅਤੇ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਜ਼, ਖ਼, , ਗ਼ ਅਤੇ ਲ਼), ਅੱਧਕ ਤੋਂ ਇਲਾਵਾ ਪੈਰ ਵਾਵਾ, ਰਾਰਾ ਅਤੇ ਹ ਬਾਰੇ ਕੁਝ ਸਪਸ਼ਟ ਧਾਰਨਾਵਾਂ ਬਣਾਈਆਂ ਅਤੇ ਉਨ੍ਹਾਂ ਨੂੰ ਸ਼ਬਦ-ਜੋੜ ਦੇ ਅਧਾਰ ਵਿਚ ਰੱਖਿਆ ਹੈ। ਸੰਖੇਪ ਇਸ ਤਰ੍ਹਾਂ ਹੈ :

·         ਞ ਅਤੇ ਙ : ਇਨ੍ਹਾਂ ਦੋ ਧੁਨੀਆਂ ਦੀ ਵਰਤੋਂ ਹੁਣ ਪੰਜਾਬੀ ਵਿਚੋਂ ਮੁੱਕ ਚੁੱਕੀ ਹੈ। /ਞ/ ਦੀ ਥਾਂ /ਨ/ ਅਤੇ /ਙ/ ਦੀ ਥਾਂ /ਗ/ ਲੈ ਚੁੱਕਾ ਹੈ। ਗੁਰਅੱਖਰਨੇ ਇਨ੍ਹਾਂ ਦੋ ਧੁਨੀਆਂ ਦੀ ਵਰਤੋਂ ਨੂੰ ਸੁਜੈਸ਼ਨ ਵਿਚ ਰੱਖਿਆ ਹੈ, ਭਾਵ ਇਨ੍ਹਾਂ ਦੀ ਵਰਤੋਂ ਦੇ ਅਧਾਰ ਉੱਤੇ ਨਾ ਕਿਸੇ ਸ਼ਬਦ ਨੂੰ ਗਲਤ ਕਿਹਾ ਹੈ, ਨਾ ਠੀਕ। ਉਂਝ ਵੀ ਇਨ੍ਹਾਂ ਸ਼ਬਦਾਂ ਦੀ ਮਾਤਰਾ ਬਹੁਤ ਹੀ ਘੱਟ ਹੈ

·         ਪੈਰ ਵਾਵਾ : ਗੁਰਅੱਖਰਟੀਮ ਮਹਿਸੂਸ ਕਰਦੀ ਹੈ, ਇਸ ਧੁਨੀ ਦੀ ਵਰਤੋਂ ਨਾ ਪੰਜਾਬੀ-ਉਚਾਰਨ ਦਾ ਕਦੇ ਹਿੱਸਾ ਸੀ, ਨਾ ਹੋ ਸਕਦੀ ਹੈ। ਸਿਰਫ ਚੰਦ ਕੁ ਸ਼ਬਦਾਂ ਨੂੰ ਉਨ੍ਹਾਂ ਦਾ ਸੰਸਕ੍ਰਿਤ ਰੂਪ ਦੇਣ ਦੇ ਚੱਕਰ ਵਿਚ ਇਹ ਧੁਨੀ ਪੰਜਾਬੀ-ਭਾਸ਼ਾ ਦਾ ਹਿੱਸਾ ਆਣ ਬਣੀ। ਲੱਭਣ ਲੱਗੇ ਤਾਂ ਦੋ ਅੰਕਾਂ ਤੱਕ ਪੁੱਜਣ ਜੋਗੇ ਸ਼ਬਦ ਵੀ ਨਹੀਂ ਲੱਭੇ, ਜਿਨ੍ਹਾਂ ਵਿਚ ਇਸ ਧੁਨੀ ਦੀ ਵਰਤੋਂ ਹੋ ਰਹੀ ਹੋਵੇ। ਵਾਰ-ਵਾਰ ਇਕ ਸ੍ਵੈਅਤੇ ਇੱਕ ਸ੍ਵਰਦੀ ਉਦਾਹਰਨ ਦਿੱਤੀ ਗਈ ਕਿ ਇਹ ਸਵੈਅਤੇ ਸਵਰਬਣ ਜਾਣਗੇ। ਪਰ ਇਹ ਦਲੀਲ ਕੋਈ ਬਹੁਤ ਤਰਕਸੰਗਤ ਨਹੀਂ ਜਦੋਂ ਅਸੀਂ ਪਹਿਲਾਂ ਹੀ ਸਵਾਸ਼ਬਦ ਨੂੰ ਇਨ੍ਹਾਂ ਦੋ ਉਚਾਰਨਾਂ ਵਿੱਚ ਇਸਤੇਮਾਲ ਕਰ ਰਹੇ ਹਾਂਗਿਣਤੀ ਵੇਲੇ ਇਹ ਸ਼ਬਦ ਸਵਾਹੋ ਜਾਂਦਾ ਹੈ, ਜੋ ਸਵੈਅਤੇ ਸਵਰਦੇ ਉਚਾਰਨ ਵਾਂਗ ਹੈ। ਪਰ ਮੇਰਾ ਸੂਟ ਸਵਾ ਕੇ ਲਿਆਵੇਲੇ ਇਹੀ ਸ਼ਬਦ ਸ੍ਵੈਅਤੇ ਸ੍ਵਰਵਾਂਗ ਉਚਾਰਿਆ ਜਾਂਦਾ ਹੈ। ਇਹ ਉਦਾਹਰਨ ਨਾ ਵੀ ਹੋਵੇ ਤਾਂ ਸਾਨੂੰ ਲਗਦਾ ਹੈ, ਗਿਣਤੀ ਦੇ ਪੰਜ-ਸੱਤ ਸ਼ਬਦਾਂ ਨੂੰ ਉਨ੍ਹਾਂ ਦੇ ਮੂਲ ਰੂਪ ਦੇ ਨੇੜੇ ਰੱਖਣ ਲਈ ਇਕ ਸੰਪੂਰਨ ਧੁਨੀ ਚੁੱਕੀ ਫਿਰਨਾ ਕਿਸੇ ਭਾਸ਼ਾ ਲਈ ਕੋਈ ਸਿਆਣੀ ਗੱਲ ਨਹੀਂ।

·         ਪੈਰ ਰਾਰਾ : ਹਾਲਾਂਕਿ ਵਿਦਵਾਨਾਂ ਦਾ ਇਕ ਵੱਡਾ ਤਬਕਾ ਹੁਣ ਪੈਰ ਰਾਰਾ ਵਾਲੇ ਸ਼ਬਦਾਂ ਨੂੰ ਪੂਰਾ ਰਾਰਾ ਪਾ ਕੇ ਲਿਖਣ ਦੇ ਹੱਕ ਵਿਚ ਹੈ ਪਰ ਸਾਨੂੰ ਲਗਦਾ ਹੈ ਕਿ ਹਾਲੇ ਇਸ ਮੁੱਦੇ ਉੱਤੇ ਭਰਵੀਂ ਚਰਚਾ ਦੀ ਲੋੜ ਹੈ। ਕਿਉਂਕਿ ਪ੍ਰਤੀ’ ‘ਪ੍ਰਅਗੇਤਰਾਂ ਨਾਲ ਬਣਨ ਵਾਲੇ ਅਨੇਕ ਅਜਿਹੇ ਸ਼ਬਦ ਹਨ, ਜਿਨ੍ਹਾਂ ਵਿਚ ਪੂਰੇ ਰਾਰੇ ਦੀ ਵਰਤੋਂ ਅਰਥ ਬਦਲ ਦਿੰਦੀ ਹੈ। ਫਿਰ ਵੀ ਅਸੀਂ ਕੋਸ਼ਿਸ਼ ਕਰਕੇ ਅਜਿਹੇ ਸ਼ਬਦਾਂ ਦੀ ਪਛਾਣ ਕੀਤੀ ਹੈ, ਜਿਹੜੇ ਪੂਰਾ ਰਾਰਾ ਪਾ ਕੇ ਲਿਖੇ ਜਾ ਰਹੇ ਹਨ ਜਾਂ ਲਿਖੇ ਜਾ ਸਕਦੇ ਹਨ ਅਤੇ ਅਜਿਹੇ ਸ਼ਬਦਾਂ ਨੂੰ ਅਸੀਂ ਸੁਜੈਸ਼ਨਵਿਚ ਰੱਖ ਦਿੱਤਾ ਹੈ। ਐਡਵਾਂਸ ਮੋਡਵਿਚ ਜਾ ਕੇ ਤੁਸੀਂ ਇਨ੍ਹਾਂ ਸ਼ਬਦਾਂ ਨੂੰ ਵੇਖ ਸਕਦੇ ਹਨ। ਪਰ ਦੋਹਾਂ ਹੀ ਤਰ੍ਹਾਂ ਦੇ ਸ਼ਬਦਾਂ ਨੂੰ ਅਸੀਂ ਗਲਤ ਨਹੀਂ ਸਮਝਿਆ

·         ਅਧਕ : ਅਧਕ ਦੇ ਸਬੰਧ ਵਿਚ ਇਕ ਅਜੀਬ ਕਿਸਮ ਦਾ ਵਿਰੋਧਾਭਾਸ ਵੇਖਣ ਨੂੰ ਮਿਲਿਆ। ਜਿੱਥੇ ਬੋਲਣ ਵਿਚ ਇਸਦੀ ਵਰਤੋਂ ਵਧ ਰਹੀ ਹੈ, ਉੱਥੇ ਲਿਖਣ ਵਿਚ ਉਸੇ ਅਨੁਪਾਤ ਵਿਚ ਘਟ ਰਹੀ ਹੈ। ਸ਼ਾਇਦ ਇਸਦਾ ਵੱਡਾ ਕਾਰਨ ਨੈੱਟ ਉੱਤੇ ਇਨਪੁਟ ਦੇ ਜਟਿਲ ਢੰਗ ਹਨ, ਜਿਹੜੇ ਅਧਕ ਪਾਉਣ ਦੀ ਰੁਚੀ ਨੂੰ ਖੋਰਾ ਲਾ ਰਹੇ ਹਨ। ਕੁਝ ਵਿਦਵਾਨਾਂ ਨੇ ਵੀ ਵਿੱਚਅਤੇ ਇੱਕਵਰਗੇ ਸ਼ਬਦਾਂ ਵਿਚ ਅਧਕ ਨੂੰ ਅਣਕਿਰਿਆਤਮਕਕਹਿ ਕੇ ਖਤਮ ਕਰਨ ਦੀ ਸਲਾਹ ਦਿੱਤੀ। ਪਰ ਗੁਰਅੱਖਰਦਾ ਮੰਨਣਾ ਹੈ, ‘ਅਧਕਪੰਜਾਬੀ ਉਚਾਰਨ ਅਤੇ ਬੋਲੀ ਦੀ ਖਾਸ ਪਛਾਣ ਹੈ। ਇਸਨੂੰ ਖਤਮ ਕਰ ਕੇ ਕਿਤੇ ਅਸੀਂ ਇਸ ਪਛਾਣ ਨੂੰ ਨੁਕਸਾਨ ਨਾ ਪਹੁੰਚਾ ਬੈਠੀਏ। ਸੋ ਅਸੀਂ ਜਿੱਥੇ ਕਿਤੇ ਸਾਨੂੰ ਜਰੂਰੀ ਲੱਗੀ, ਅਸੀਂ ਅਧਕ ਦੀ ਵਰਤੋਂ ਉੱਤੇ ਜੋਰ ਦਿੱਤਾ ਹੈ। ਫਿਰ ਵੀ ਵਿਦਵਾਨਾਂ ਦੀ ਇਸ ਬਾਰੇ ਰਾਏ ਖਿੜੇ-ਮੱਥੇ ਸਵੀਕਾਰ ਹੈ।

·         ਅਗੇਤਰ : ਪੰਜਾਬੀ ਦੇ ਅਗੇਤਰਾਂ ਵਿਚ ਵੀ ਰਲਵੇਂ ਮਿਲਵੇਂ ਪੈਟਰਨ ਲੱਭੇ ਅਤੇ ਸਾਨੂੰ ਅਣਅਤੇ ਅਨਵਰਗੇ ਅਗੇਤਰਾਂ ਦੇ ਕਾਰਨ ਸਮਝਣ ਉੱਤੇ ਕਈ ਹਫਤੇ ਲੱਗੇ। ਨਿਅਤੇ ਕੁਵਰਗੇ ਅਗੇਤਰ ਕਈ ਥਾਵਾਂ ਉੱਤੇ ਇਸੇ ਰੂਪ ਵਿਚ ਹਨ ਪਰ ਚੋਣਵੇਂ ਸ਼ਬਦਾਂ ਵਿਚ ਇਹ ਅਤੇ ਰਹਿ ਗਏ ਹਨ। ਪਰ ਇਹ ਸ਼ਬਦ ਬਹੁਤ ਘੱਟ ਸਨ। ਇਸ ਲਈ ਅਸੀਂ ਇਨ੍ਹਾਂ ਦੇ ਅਸਲ ਰੂਪ ਨੂੰ ਚੁਣਨ ਦਾ ਫੈਸਲਾ ਕੀਤਾ ਤਾਂ ਕਿ ਭਾਸ਼ਾ ਇਕ ਨੇਮ ਅਤੇ ਪੈਟਰਨ ਨੂੰ ਅਖਤਿਆਰ ਕਰ ਸਕੇ।

·         ਸ਼ ਬਨਾਮ ਸ, ਬ ਬਨਾਮ ਵ ਅਤੇ ਜ ਬਨਾਮ ਯ : ਕੀ ਭਾਸ਼ਾਵਾਂ ਦੇ ਪ੍ਰਭਾਵ ਅਧੀਨ ਪੰਜਾਬੀ ਵਿੱਚ ਕਈ ਸ਼ਬਦ ਦੋ-ਦੋ ਧੁਨੀਆਂ ਨਾਲ ਉਚਾਰੇ ਜਾ ਰਹੇ ਹਨ, ਜਿਵੇਂ ਕਿ ਉਤਸਾਹ-ਉਤਸ਼ਾਹ, ਵੈਰਾਗੀ-ਬੈਰਾਗੀ, ਜੱਗ ਅਤੇ ਯੱਗ ਆਦਿ ਪਰ ਇਹ ਸ਼ਬਦ ਵੀ ਗਿਣਤੀ ਦੇ ਹਨ ਸੋ ਇਨ੍ਹਾਂ ਬਾਰੇ ਕੋਈ ਸਖਤ ਫੈਸਲਾ ਲੈਣ ਦੀ ਬਜਾਏ ਹਾਲ ਦੀ ਘੜੀ ਇਨ੍ਹਾਂ ਦੇ ਦੋਹਾਂ ਰੂਪਾਂ ਨੂੰ ਹੀ 'ਗੁਰਅੱਖਰ' ਵਿਚ ਸ਼ਾਮਿਲ ਕਰ ਲਿਆ ਗਿਆ ਹੈ

·         ਪੈਰ ਬਿੰਦੀ ਵਾਲੀਆਂ ਧੁਨੀਆਂ (ਗ਼, ਜ਼, ਫ਼, ਖ਼) : ਗੁਰਅੱਖਰ ਸ਼ਬਦ-ਜੋੜ ਸਿਧਾਂਤ ਪੈਰ ਬਿੰਦੀ ਵਾਲੀਆਂ ਧੁਨੀਆਂ ਦਾ ਸਮਰਥਨ ਨਹੀਂ ਕਰਦੇ। ਸਾਡਾ ਮੰਨਣਾ ਹੈ ਕਿ ਜਦੋਂ ਕੋਈ ਭਾਸ਼ਾ ਬਾਹਰੋਂ ਸ਼ਬਦ ਲੈਂਦੀ ਹੈ, ਉਨ੍ਹਾਂ ਨੂੰ ਆਪਣੀਆਂ ਧੁਨੀਆਂ ਦੇ ਹਿਸਾਬ ਨਾਲ ਢਾਲਦੀ ਹੈ, ਨਾਂ ਕਿ ਉਨ੍ਹਾਂ ਸ਼ਬਦਾਂ ਲਈ ਆਪਣੇ ਢਾਂਚੇ ਨਾਲ ਛੇੜ-ਛਾੜ ਕਰਨ ਲਗਦੀ ਹੈ। ਅੰਗਰੇਜੀ ਭਾਸ਼ਾ ਕੋਲ ਦੁਨੀਆਂ ਦੀ ਹਰੇਕ ਭਾਸ਼ਾ ਦੇ ਸ਼ਬਦ ਹਨ ਪਰ ਸਾਰੇ ਸ਼ਬਦਾਂ ਨੂੰ ਅੰਗਰੇਜੀ ਦੀਆਂ ਮੂਲ 26 ਧੁਨੀਆਂ ਦੇ ਹਿਸਾਬ ਨਾਲ ਢਲਨਾ ਪਿਆ। ਉੱਥੇ GH ਹੀ /ਘ/ ਵੀ ਬਣ ਜਾਂਦਾ ਹੈ ਅਤੇ /ਗ਼/ ਵੀ। ਦੂਜਾ, ਇਨ੍ਹਾਂ ਧੁਨੀਆਂ ਨੂੰ ਪੜ੍ਹਨ-ਪੜ੍ਹਾਉਣ ਲਈ ਨਾ ਸਾਡੇ ਕੋਲ ਨੇਮ ਹਨ, ਨਾ ਬਣ ਸਕਦੇ ਹਨ। ਇਸ ਸਥਿਤੀ ਵਿਚ ਵਿਦਿਆਰਥੀਆਂ ਨੂੰ ਸਿਰਫ ਇਹ ਕਹਿ ਦੇਣਾ ‘‘ਆਹ ਆਹ ਸ਼ਬਦਾਂ ਦੇ ਪੈਰ ਵਿਚ ਬਿੰਦੀ ਪੈਂਦੀ ਹੈ, ਆਹ ਆਹ ਦੇ ਨਹੀਂ,’’ ਕੋਈ ਵਧੀਆ ਸਿਧਾਂਤ ਨਹੀਂ। ਸਭ ਤੋਂ ਵੱਡੀ ਗੱਲ ਇਹ ਧੁਨੀਆਂ ਪੰਜਾਬੀ ਉਚਾਰਨ ਦਾ ਬਿਲਕੁਲ ਹਿੱਸਾ ਨਹੀਂ ਰਹੀਆਂ। ਇਹ ਅਸੀਂ ਨਹੀਂ ਕਹਿੰਦੇ, ਸਾਡੇ ਲੋਕਾਂ ਵਿਚ ਜਾ ਕੇ ਕੀਤੇ ਗਏ ਪ੍ਰਯੋਗ ਗਵਾਹ ਹਨ। ਪੰਜਾਬੀ ਭਾਸ਼ਾ ਦੇ ਨੱਬੇ ਫੀਸਦੀ ਤੋਂ ਵੱਧ ਵਿਦਵਾਨ ਅਤੇ ਅਧਿਆਪਕ ਫੱਫੇ ਅਤੇ ਫੱਫੇ ਪੈਰ ਬਿੰਦੀ ਦੇ ਉਚਾਰਨ ਦਾ ਨਿਖੇੜਾ ਨਹੀਂ ਕਰ ਸਕੇ। ਕੁਝ ਕੁ ਹੀ ਵਿਦਵਾਨ ਜਾਂ ਅਧਿਆਪਕ ਖੱਖੇਅਤੇ ਗੱਗੇਪੈਰ ਬਿੰਦੀ ਵਾਲਾ ਉਚਾਰਨ ਕਰ ਸਕੇ ਪਰ ਇਕ ਵੀ ਆਮ ਪੰਜਾਬੀ ਇਨ੍ਹਾਂ ਦਾ ਭੇਦ ਨਹੀਂ ਦੱਸ ਸਕਿਆ। ਜੱਜੇ ਪੈਰ ਬਿੰਦੀ ਧੁਨੀ ਦੀ ਵਰਤੋਂ ਜਰੂਰ ਸਰਲ ਹੈ ਪਰ ਉਹ ਵੀ ਲੋਕਾਂ ਨੂੰ ਸਾਡੇ ਦੱਸਣ ਉੱਤੇ ਉਚੇਚ ਕਰਕੇ ਬੋਲਣੀ ਪਈ। ਸੋ ਜਾਹਿਰ ਹੈ, ਪੈਰ ਬਿੰਦੀ ਵਾਲੀਆਂ ਧੁਨੀਆਂ ਹੁਣ ਪੰਜਾਬੀ ਵਿਚ ਆਪਣੀ ਮਿਆਦ ਪੁਗਾ ਚੁੱਕੀਆਂ ਹਨ। ਪੰਜਾਬੀ ਦੇ ਅਧਿਐਨ ਅਤੇ ਅਧਿਆਪਨ ਨੂੰ ਸਰਲ ਬਣਾਉਣ ਅਤੇ ਇਸਨੂੰ ਭਵਿੱਖ ਦੀਆਂ ਲੋੜਾਂ ਲਈ ਤਿਆਰ ਕਰਨ ਲਈ ਜਰੂਰੀ ਹੈ ਕਿ ਜਿੰਨੀ ਜਲਦੀ ਹੋ ਸਕੇ, ਅਸੀਂ ਇਨ੍ਹਾਂ ਨੂੰ ਸਾਡੀਆਂ ਮੁੱਖ ਧੁਨੀਆਂ ਨਾਲ ਬਦਲ ਦੇਈਏ। ਇਨ੍ਹਾਂ ਦੀ ਸਿਰਫ ਅਕਾਦਮਿਕ ਮਹੱਤਾ ਹੈ, ਜਿਸ ਲਈ ਅਸੀਂ ਇਨ੍ਹਾਂ ਧੁਨੀਆਂ ਦੇ ਸਬੰਧ ਵਿਚ ਇਹ ਫੈਸਲੇ ਲਏ ਕਿ :

o   ਜਿਹੜੇ ਸ਼ਬਦ ਸਾਹਿਤਕ ਜਾਂ ਅਕਾਦਮਿਕ ਵਰਤੋਂ ਤੋਂ ਅਗਾਂਹ ਲੰਘ ਕੇ ਆਮ-ਪੰਜਾਬੀਆਂ ਦੇ ਨਿੱਤਾਪ੍ਰਤੀ ਜੀਵਨ ਦਾ ਹਿੱਸਾ ਬਣ ਚੁੱਕੇ ਹਨ ਅਤੇ ਠੇਠ ਪੰਜਾਬੀ ਮੁਹਾਵਰੇ ਵਿਚ ਆਮ ਉਚਾਰੇ ਜਾ ਰਹੇ ਹਨ, ਉਨ੍ਹਾਂ ਨੂੰ ਅਸੀਂ ਹੁਣ ਅੰਤਿਮ ਰੂਪ ਵਿਚ ਪੰਜਾਬੀ ਮੰਨ ਕੇ ਬਿਨਾਂ ਪੈਰ ਬਿੰਦੀ ਤੋਂ ਪੰਜਾਬੀ ਸ਼ਬਦ-ਕੋਸ਼ ਦਾ ਹਿੱਸਾ ਬਣਾ ਲਿਆ।

o   ਪਰ ਜਿਹੜੇ ਸ਼ਬਦ ਅੱਜ ਵੀ ਸਾਹਿਤਕ ਜਾਂ ਅਕਾਦਮਿਕ ਵਰਤੋਂ ਤੱਕ ਸੀਮਿਤ ਹਨ, ਉਨ੍ਹਾਂ ਦੀ ਦੋਹਾਂ ਤਰ੍ਹਾਂ ਦੀ ਵਰਤੋਂ ਨੂੰ ਠੀਕ ਮੰਨ ਕੇ ਇਨ੍ਹਾਂ ਦੀ ਵਰਤੋਂ ਬਾਰੇ ਸੁਜੈਸ਼ਨਾਂ ਪਾ ਦਿੱਤੀਆਂ ਗਈਆਂ ਹਨ। ਵਰਤੋਂਕਾਰ ਐਡਵਾਂਸ ਮੋਡਵਿਚ ਜਾ ਕੇ ਇਹ ਸੁਜੈਸ਼ਨਾਂ ਵੇਖ ਸਕਦੇ ਹਨ ਅਤੇ ਹਾਲ ਦੀ ਘੜੀ ਆਪਣੀ ਮਰਜੀ ਦੀ ਆਪਸ਼ਨ ਵਰਤ ਸਕਦੇ ਹਨ।

ਇਸ ਸਬੰਧ ਵਿਚ ਸਾਨੂੰ ਇਹ ਵੀ ਸਵਾਲ ਕੀਤਾ ਗਿਆ ਜੱਜੇ ਪੈਰ ਬਿੰਦੀ ਨੂੰ ਛੱਡ ਕੇ ਅੰਗਰੇਜੀ ਵਿਚੋਂ ਆਉਂਦੇ ਜ਼ੈਡਧੁਨੀ ਵਾਲੇ ਸ਼ਬਦਾਂ (ਜਿਮਨੇਜ਼ੀਅਮ, ਗਰਲਜ਼ ਆਦਿ) ਦੀ ਕੀ ਕੀਤਾ ਜਾਵੇਗਾ। ਇਸ ਸਬੰਧ ਵਿਚ ਸਾਡਾ ਨਿਮਰ ਜਵਾਬ ਹੈ ਕਿ ਉਹੀ, ਜੋ ਅੰਗਰੇਜੀ ਵਾਲਿਆਂ ਦੇ ਦੁਨੀਆਂ ਭਰ ਦੀਆਂ ਭਾਸ਼ਾਵਾਂ ਨੂੰ ਆਪਣੇ ਅੰਦਰ ਲੈਣ ਵੇਲੇ ਕੀਤਾ। ਉਨ੍ਹਾਂ ਨੂੰ ਆਪਣੀਆਂ 26 ਧੁਨੀਆਂ ਮੁਤਾਬਕ ਢਾਲਿਆ ਤੇ ਅਸੀਂ ਵੀ ਢਾਲਾਂਗੇ। (ਸਗੋਂ ਆਮ ਲੋਕ ਤਾਂ ਢਾਲ ਹੀ ਚੁੱਕੇ ਹਨ) ਜੇ ਅਸੀਂ Not ਨੂੰ ਨੌਟਉਚਾਰਨ ਦੇ ਬਾਵਜੂਦ ਵੀ ਨਾਟਅਤੇ Coffee ਨੂੰ ਕੌਫੀਬੋਲਣ ਦੇ ਬਾਵਜੂਦ ਵੀ ਕਾਫੀਲਿਖ ਸਕਦੇ ਹਾਂ ਤਾਂ ਜਿਮਨੇਜ਼ੀਅਮਨੂੰ ਜਿਮਨੇਜੀਅਮਅਤੇ ਗਰਲਜ਼ਨੂੰ ਗਰਲਜਲਿਖਣ ਵਿਚ ਸਾਨੂੰ ਕੀ ਇਤਰਾਜ ਹੈ। ਸਾਡਾ ਸਪਸ਼ਟ ਮਤ ਹੈ ਕਿ ਸਾਡੀਆਂ /ਜ/ ਅਤੇ ਕਿਤੇ-ਕਿਤੇ /ਯ/ ਧੁਨੀ ਅੰਗਰੇਜੀ ਦੀ /ਜ਼/ ਧੁਨੀ ਦੇ ਮਸਲੇ ਨੂੰ ਨਜਿੱਠਣ ਦੇ ਸਮਰੱਥ ਹਨ।

·         ਲੱਲੇ ਪੈਰ ਬਿੰਦੀ : ਇਸੇ ਤਰ੍ਹਾਂ ਕੁਝ ਵਿਦਵਾਨ ਖਾਲੀਅਤੇ ਖਾਲ਼ੀਵਰਗੇ ਸ਼ਬਦਾਂ ਦੇ ਅਰਥ-ਨਿਖੇੜੇ ਲਈ ਲੱਲੇ ਪੈਰ ਬਿੰਦੀ ਦਾ ਸੁਝਾਅ ਵੀ ਦਿੰਦੇ ਹਨ। ਇਹ ਠੀਕ ਹੈ ਕਿ ਉਚਾਰਨ ਪੱਖੋਂ ਲਗਭਗ ਹਰ ਦੂਜੇ ਪੰਜਾਬੀ ਸ਼ਬਦ ਵਿਚ ਬਿੰਦੀ-ਲੱਲਾਪੈ ਰਿਹਾ ਹੈ ਪਰ ਲੱਲੇ ਪੈਰ ਬਿੰਦੀ ਨਾਲ ਅਰਥ-ਨਿਖੇੜ ਹੋਣ ਵਾਲੇ ਸ਼ਬਦ ਬਹੁਤ ਹੀ ਘੱਟ ਹਨ। ਦੂਜਾ ਹਰੇਕ ਸ਼ਬਦ ਪ੍ਰਸੰਗ ਨਾਲ ਜੁੜ ਕੇ ਵੱਖਰੇ ਅਰਥ ਗ੍ਰਹਿਣ ਕਰਨ ਦੇ ਸਮਰੱਥ ਹੁੰਦਾ ਹੈ, ਇਹ ਗੱਲ ਅਨੇਕ ਭਾਸ਼ਾਵਾਂ ਦੀ ਉਦਾਹਰਨ ਲਈ ਦਿੱਤੀ ਜਾ ਸਕਦੀ ਹੈ। ਹੁਣ ਕਸਅਤੇ ਗ਼ਦੀ ਅਵਾਜ ਵਿਚ ਦੂਰ-ਦੂਰ ਤੱਕ ਕੋਈ ਸਮਾਨਤਾ ਨਹੀਂ ਪਰ ਇਕੋ ਅੰਗਰੇਜੀ ਧੁਨੀ ਐਕਸ’ ‘ਲਕਸਸ਼ਬਦ ਵਿਚ ਪਹਿਲੀ ਅਤੇ ਲਗ਼ਜਰੀਵਿਚ ਦੂਜੀ ਅਵਾਜ਼ ਦੇ ਰਹੀ ਹੈ। ਸਭ ਤੋਂ ਵੱਡਾ ਮੁੱਦਾ ਫਿਰ ਉਹੀ ਹੈ, ਚੰਦ ਕੁ ਸ਼ਬਦਾਂ ਦੇ ਅਰਥ-ਨਿਖੇੜੇ ਲਈ ਕੀ ਕੋਈ ਭਾਸ਼ਾ ਇਕ ਵੱਖਰੀ ਧੁਨੀ ਰੱਖਣਾ ਝੱਲ ਸਕਦੀ ਹੈ? ਸਾਨੂੰ ਨਹੀਂ ਲਗਦਾ। ਵੈਸੇ ਵੀ ਇਹ ਧੁਨੀ ਪੰਜਾਬੀ ਵਿਚ ਬਹੁਤ ਜਿਆਦਾ ਵਰਤੋਂ ਵਿਚ ਕਦੇ ਨਹੀਂ ਰਹੀ। ਪਰ ਫਿਰ ਵੀ ਅਸੀਂ ਅਜਿਹੇ ਅਰਥ-ਨਿਖੇੜੇ ਦੀ ਸੰਭਾਵਨਾ ਵਾਲੇ ਸ਼ਬਦਾਂ ਨੂੰ ਸੁਜੈਸ਼ਨਾਂ ਸਹਿਤ ਗੁਰਅੱਖਰਵਿਚ ਸ਼ਾਮਿਲ ਕੀਤਾ ਹੈ, ਜੋ ਐਡਵਾਂਸ ਮੋਡਵਿਚ ਜਾ ਕੇ ਵੇਖੇ ਜਾ ਸਕਦੇ ਹਨ।

ਪਰ ਪੰਜਾਬੀ ਸ਼ਬਦਾਂ ਦੇ ਜੋੜਾਂ ਬਾਰੇ ਗੁਰਅੱਖਰਕਿਸੇ ਵੀ ਪ੍ਰਕਾਰ ਦੀ ਜੜ੍ਹ-ਸਿਧਾਂਤ ਦਾ ਧਾਰਨੀ ਨਹੀਂ ਅਤੇ ਨਾ ਹੀ ਹੋਣ ਚਾਹੁੰਦਾ ਹੈ। ਟੀਮ ਗੁਰਅੱਖਰਮਹਿਸੂਸ ਕਰਦੀ ਹੈ ਕਿ ਪੰਜਾਬੀ ਭਾਸ਼ਾ ਦੇ ਨੇਮਾਂ ਅਤੇ ਸ਼ਬਦ-ਜੋੜਾਂ ਬਾਰੇ ਜਿਸ ਪੱਧਰ ਦੀ ਵਿਚਾਰ ਹੋਣੀ ਚਾਹੀਦੀ ਸੀ, ਉਹ ਮੰਦੇ ਭਾਗਾਂ ਨੂੰ ਹੋ ਨਹੀਂ ਸਕੀ। ਇਸ ਲਈ ਇਸੇ ਪ੍ਰੋਗਰਾਮ ਵਿਚ:

·         ਬਾਕਾਇਦਾ ਇਕ ਵਿਚਾਰ ਮੰਚਉਸਾਰਿਆ ਗਿਆ ਹੈ, ਜਿੱਥੇ ਪੰਜਾਬੀ ਭਾਸ਼ਾ ਦੇ ਸਬੰਧ ਵਿਚ ਵਿਦਵਾਨਾਂ ਦੇ ਵਿਚਾਰ ਸਾਦਰ ਆਮੰਤ੍ਰਿਤ ਹਨ।

·         ਸ਼ਾਮਿਲ ਹੋਣੋਂ ਰਹਿ ਗਏ ਸ਼ਬਦ ਅਤੇ ਸ਼ਾਮਿਲ ਸ਼ਬਦਾਂ ਦੇ ਨਾ ਠੀਕ ਹੋਣ ਬਾਰੇ ਵੀ ਲਿੰਕ ਦਿੱਤੇ ਗਏ ਹਨ ਤਾਂ ਕਿ ਇਸ ਪ੍ਰੋਗਰਾਮ ਦੇ ਵਰਤੋਂਕਾਰ ਜਦ ਚਾਹੇ ਨਵੇਂ ਜਾਂ ਅਣਉਚਿਤ ਸ਼ਬਦ-ਜੋੜਾਂ ਬਾਰੇ ਸਾਨੂੰ ਰਿਪੋਰਟ ਕਰ ਸਕਣ।

ਇਸ ਲਈ ਗੁਰਅੱਖਰਟੀਮ ਇਸ ਸਾਈਟ ਉੱਤੇ ਆਉਣ ਵਾਲੇ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਸਨਿਮਰ ਬੇਨਤੀ ਕਰਦੀ ਹੈ ਕਿ ਉਹ ਬਿਨਾਂ ਝਿਜਕੇ ਆਪਣੇ ਵਿਚਾਰ ਅਤੇ ਅਤੇ ਸਾਡੀਆਂ ਕਮੀਆਂ ਤੋਂ ਸਾਨੂੰ ਜਾਣੂੰ ਕਰਵਾਉਣ। ਉਨ੍ਹਾਂ ਦੇ ਸਹਿਯੋਗ ਨਾਲ ਨਾ ਸਿਰਫ ਇਹ ਪ੍ਰੋਗਰਾਮ ਹੋਰ ਵਧੀਆ ਬਣ ਸਕਦਾ ਹੈ, ਸਗੋਂ ਪੰਜਾਬੀ ਭਾਸ਼ਾ ਦਾ ਵੀ ਵਿਕਾਸ ਹੋ ਸਕਦਾ ਹੈ।

ਟੀਮ ਗੁਰਅੱਖਰਇਸ ਗੱਲ ਨੂੰ ਭਲੀ-ਭਾਂਤ ਸਮਝਦੀ ਹੈ ਕਿ ਪੰਜਾਬੀ ਸ਼ਬਦ-ਜੋੜਾਂ ਅਤੇ ਪੰਜਾਬੀ ਕੰਪਿਊਟਿੰਗ ਦੇ ਸਿਲਸਿਲੇ ਵਿਚ ਉਸਦੀ ਇਹ ਕੋਸ਼ਿਸ਼ ਇਕ ਨਿਮਾਣੀ ਜਿਹੀ ਪਹਿਲ ਹੈ, ਜਿਸ ਵਿਚ ਹਾਲੇ ਢੇਰ ਸਾਰੇ ਸੁਧਾਰ ਹੋਣੇ ਹਨ ਅਤੇ ਇਹ ਸੁਧਾਰ ਸਮੂਹ ਪੰਜਾਬੀਆਂ ਦੇ ਸਹਿਯੋਗ ਬਿਨਾਂ ਹਰਗਿਜ਼ ਸੰਭਵ ਨਹੀਂ।

ਤੁਹਾਨੂੰ ਸਾਡਾ ਇਹ ਯਤਨ ਕਿਹੋ ਜਿਹਾ ਲੱਗਾ, ਜੇ ਹੋ ਸਕੇ ਤਾਂ ਸਾਨੂੰ ਫੀਡਬੈਕ ਦੇਣਾ ਨਾ ਭੁੱਲਣਾ ਸਾਡਾ ਈਮੇਲ ਸਿਰਨਾਵਾਂ ਹੈ : gurakhar@gmail.com